Sunday, 12 September 2010

ਸਿੱਖ ਧਰਮ ਵਿੱਚ ਕੇਸਾਂ ਦਾ ਮਹੱਤਵ

ਮਨੁੱਖ ਦੇ ਜੀਵਨ ਦੀ ਨੀਂਹ ਵਿਸ਼ਵਾਸ ਹੈ ਵਿਸ਼ਵਾਸ ਤੋਂ ਬਗੈਰ ਮਨੁੱਖ ਦੀ ਹਾਲਤ ਬੇ-ਰਾਹ ਪਰਿੰਦੇ ਤੋਂ ਕੁਝ ਬਿਹਤਰ ਨਹੀਂ ਵਿਸ਼ਵਾਸ ਹੀ ਦੀਨ-ਧਰਮ ਦੀ ਨੀਂਹ ਹੈ ਜੋ ਇਸ ਕਰਕੇ ਮਨੁੱਖਾਂ ਉੱਤੇ ਜਾਹਿਰ ਕੀਤੇ ਗਏ ਹਨ ਤਾਂ ਜੋ ਮਨੁੱਖ ਚੰਗੀ ਜੀਵਨ ਜਾਚ ਦੇ ਪਾਂਧੀ ਬਣ ਸਕਣ ਗੁਰੂ ਮਹਾਰਾਜ ਨੇ ਪ੍ਰਭੂ ਦੇ ਨਾਂਅ ਨੂੰ ਹੀ ਸਭ ਧਰਮਾਂ ਦੀ ਨੀਂਹ ਦੱਸਿਆ ਹੈ ਮਨੁੱਖ ਭੌਤਿਕ ਦੁਨੀਆ ਦੇ ਨਾਲ ਸੂਖਮ ਰੂਪ ਵਿੱਚ ਜੁੜਿਆ ਹੋਇਆ ਹੈ ਕਿਉਂਕਿ ਮਨੁੱਖੀ ਸਰੀਰ ਭੀ ਤਾਂ ਓੜਕ ਭੌਤਿਕ ਹੀ ਹੈ ਮਨੁੱਖੀ ਭੌਤਿਕ ਜੀਵਨ ਨੂੰ ਪਵਿੱਤਰ ਬਣਾਉਣ ਖਾਤਿਰ ਗੁਰੂ ਸਾਹਿਬਾਨ ਨੇ ਗੁਰਮਤਿ-ਮਰਿਆਦਾ ਦੀ ਦੇਣ ਮਨੁੱਖ ਨੂੰ ਬਖ਼ਸ਼ੀ ਹੈ ਇਸ ਜੀਵਨ ਮਰਿਆਦਾ ਦੇ ਲਈ ਗੁਰੂ ਗ੍ਰੰਥ ਸਾਹਿਬ ਵਿੱਚ 'ਰਹਿਤ' ਲਫ਼ਜ਼ ਵਰਤਿਆ ਗਿਆ ਹੈ:

ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ਐਸੀ ਰਹਿਤ ਰਹੌ ਹਰਿ ਪਾਸਾ
(ਗਉੜੀ ਕਬੀਰ ਜੀ)
ਸਿੱਖ ਰਹਿਤ ਦਾ ਅਹਿਮ ਅੰਗ ਪੰਜ ਕਕਾਰ ਹਨ, ਅਤੇ ਇਹਨਾਂ ਕਕਾਰਾਂ ਵਿੱਚੋਂ ਸਭ ਤੋਂ ਅਹਿਮ 'ਕੇਸਾਂ' ਨੂੰ ਠਹਿਰਾਇਆ ਗਿਆ ਹੈ ਜੇਕਰ ਅਸੀਂ ਇਤਿਹਾਸ ਦੀ ਪੜਚੋਲ ਕਰੀਏ ਤਾਂ ਵੇਖਦੇ ਹਾਂ ਕਿ ਕੇਸਾਂ ਦਾ ਸਤਿਕਾਰ ਸਿਰਫ਼ ਸਿੱਖ ਧਰਮ ਵਿੱਚ ਹੀ ਨਹੀਂ ਬਲਕਿ ਸੰਸਾਰ ਦੇ ਹਰ ਧਰਮ ਵਿੱਚ ਹੀ ਮਾਨਤਾ ਪ੍ਰਾਪਤ ਹੈ, ਭਾਵੇਂ ਅਸਲ ਜਿੰਦਗੀ ਵਿੱਚ ਇਸ ਨੂੰ ਪ੍ਰਕਾਸ਼ਮਾਨ ਸਿੱਖ ਧਰਮ ਵਿੱਚ ਹੀ ਕੀਤਾ ਗਿਆ ਹੈ ਇੱਥੇ ਪਾਠਕਾਂ ਦੇ ਲਾਹੇ ਵਾਸਤੇ ਕੁਝ ਦਲੀਲਾਂ ਦੇਣੀਆਂ ਉਚਿਤ ਹਨ ਹਿੰਦੂ ਧਰਮ ਦੇ ਪਾਵਨ ਗ੍ਰੰਥ ਅਥਰਵ ਵੇਦ (੧੯-੩੨-੨) ਅਨੁਸਾਰ "ਕੇਸਾਂ ਨੂੰ ਪੱਟਣਾ ਜਾਂ ਕੱਟਣਾ ਵਾਜਿਬ ਨਹੀਂ ਸਗੋਂ ਕੇਸਾਂ ਨੂੰ ਧਾਰਨ ਕਰਕੇ ਸ਼ਕਤੀ ਤੇ ਮਾਣ ਵਧਾਉਣਾ ਚਾਹੀਦਾ ਹੈ" ਇਵੇਂ ਹੀ ਯਜੁਰਵੇਦ ਵਿੱਚ ਕਥਨ ਹੈ "ਅਰੋਗਤਾ, ਤੇਜ ਤੇ ਬਲ ਵਧਾਉਣ ਲਈ ਕੇਸ ਹੋਣੇ ਜ਼ਰੂਰੀ ਹਨ" ਪਾਣਿਨੀ ਨੇ ਕੇਸਾਂ ਨੂੰ ਰੱਬੀ-ਜੋਤ ਆਕਰਸ਼ਿਤ ਕਰਨ ਵਾਲਾ ਮੰਨਿਆ ਹੈ ਈਸਾਈਆਂ ਦੇ ਮਸੀਹ ਹਜ਼ਰਤ ਈਸਾ ਜੀ ਅਤੇ ਮੁਸਲਮਾਨਾਂ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਭੀ ਸਾਰੀ ਉਮਰ ਕੇਸਾਧਾਰੀ ਰਹੇ ਭਾਰਤੀ ਸੱਭਿਆਚਾਰ ਵਿੱਚ ਪ੍ਰਭੂ ਨੂੰ ਭੀ ਕੇਸ਼ਵ ਅਰਥਾਤ 'ਕੇਸਾਂ ਵਾਲਾ' ਕਹਿ ਕੇ ਯਾਦ ਕੀਤਾ ਜਾਂਦਾ ਹੈ ਜਿਵੇਂ,
ਸੁਪ੍ਰਸੰਨ ਭਏ ਕੇਸਵਾ ਸੇ ਜਨ ਹਿਰ ਗੁਣ ਗਾਹਿ
(ਗੁਰੂ ਗ੍ਰੰਥ ਸਾਹਿਬ, ਅੰਗ ੨੦੩)
ਹੁਣ ਅਸੀਂ ਕੁਝ ਹੋਰ ਧਾਰਮਿਕ ਅਤੇ ਇਤਿਹਾਸਿਕ ਸਾਹਿਤ ਦੀ ਪੜਚੋਲ ਕਰ ਲਈਏ ਤਾਂਕਿ ਵਿਚਾਰ ਦ੍ਰਿੜ੍ਹ ਹੋ ਸਕੇ ਗੁਰੂ ਗੋਬਿੰਦ ਸਿੰਘ ਜੀ ਦੇ ੫੨ ਦਰਬਾਰੀ ਕਵੀਆਂ ਵਿੱਚੋਂ ਇੱਕ ਕਵੀ ਸੈਨਾਪਤੀ (ਬਾਅਦ ਵਿੱਚ ਸੈਨਾ ਸਿੰਘ) ਸੀ ਜਿਸ ਨੇ ਖਾਲਸਾ ਸਾਜਣ ਦਾ ਦ੍ਰਿਸ਼ ਆਪਣੇ ਅੱਖੀਂ ਵੇਖਿਆ ਸੀ ਆਪਣੇ ਕਾਵਿ-ਗ੍ਰੰਥ 'ਗੁਰਸ਼ੋਭਾ' ਵਿੱਚ ਉਹ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਉਪਦੇਸ਼ਾਂ ਵਿੱਚ ਲਿਖਦੇ ਹਨ:
ਹੁਕਾ ਨਾ ਪੀਵੈ, ਸੀਸ ਦਾੜ੍ਹੀ ਨਾ ਮੁੰਡਾਵੇ,
ਸੋ ਤੋ ਵਾਹਗੁਰੂ ਵਾਹਗੁਰੂ ਜੀ ਕਾ ਖਾਲਸਾ
ਕਈ ਸੱਜਣ ਕੇਸਾਂ ਦੀ ਰਹਿਤ ਨੂੰ ਗ਼ਲਤ ਸਾਬਿਤ ਕਰਨ ਲਈ ਇਹ ਆਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਬਾਕੀ ਸਿੱਖ ਗੁਰੂ ਭੀ ਕੇਸਾਧਾਰੀ ਨਹੀਂ ਸਨ ਜੋ ਕਿ ਸਰਾਸਰ ਝੂਠ ਹੈ 'ਗਿਆਨ ਰਤਨਾਵਲੀ' ਵਿੱਚ ਭਾਈ ਮਨੀ ਸਿੰਘ ਲਿਖਦੇ ਹਨ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਮੰਨ ਕੇ ਉਦਾਸੀਆਂ ਲਈ ਪਹਿਲੀ ਵਾਰ ਤੁਰਨ ਤੋਂ ਪਹਿਲਾਂ ਗੁਰੂ ਮਹਾਰਾਜ ਤੋਂ ਉਪਦੇਸ਼ ਮੰਗਿਆ ਤਾਂ ਗੁਰੂ ਜੀ ਨੇ ਕਿਹਾ:
(੧) ਕੇਸ ਨਹੀਂ ਕਟਾਉਣੇ
(੨)ਪਿਛਲੀ ਰਾਤ (ਅੰਮ੍ਰਿਤ ਵੇਲੇ) ਉੱਠ ਕੇ ਪ੍ਰਭੂ ਦਾ ਨਾਮ ਜਪਣਾ
(੩)ਆਏ ਗਏ ਭਲੇ ਪੁਰਸ਼ ਦੀ ਸੇਵਾ ਕਰਨੀ
ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
ਅਵਲ ਸੁੰਨਤ ਮੁਇ ਹੈ ਸਿਰ ਪਰ ਰਖੇ ਜੋਇ
ਪਾਵੈ ਮੁਰਾਤਬ ਸੋਯਾਦੀ ਵੱਡਾ ਰਿਖੀਸਰ ਹੋਇ
(ਭਾਵ ਸਭ ਤੋਂ ਸ਼੍ਰੇਸ਼ਟ ਧਾਰਮਿਕ ਕਰਮ ਹੈ ਸਿਰ ਦੇ ਕੇਸਾਂ ਨੂੰ ਸੰਭਾਲ ਕੇ ਰੱਖਣਾ ਅਜਿਹਾ ਕਰਨ ਨਾਲ ਬੰਦਾ ਰੱਬ ਦੀ ਦਰਗਾਹ ਵਿੱਚ ਪ੍ਰਮੁੱਖ ਸਥਾਨ ਪਾ ਲੈਂਦਾ ਹੈ ਅਤੇ ਉੱਚਾ ਆਤਮਿਕ ਜੀਵਲ ਜਿਓਣ ਦੇ ਸਮਰੱਥ ਹੋ ਜਾਂਦਾ ਹੈ)
ਇਸੇ ਤਰ੍ਹਾਂ ਸ਼ਹੀਦ ਭਾਈ ਹਕੀਕਤ ਰਾਏ ਦੇ ਦਾਦਾ ਜੀ ਭਾਈ ਨੰਦ ਲਾਲ ਜੀ ਪੁਰੀ ਜਦ ਸੱਤਵੇਂ ਗੁਰੂ ਸ਼੍ਰੀ ਗੁਰੂ ਹਰਿ ਰਾਏ ਜੀ ਦੇ ਦਰਸ਼ਨ ਕਰਨ ਲਈ ਪਿੰਡ ਗਲੋਟੀਆਂ ਆਏ ਤਾਂ ਉਪਦੇਸ਼ ਮੰਗਣ ਉੱਤੇ ਗੁਰੂ ਸਾਹਿਬ ਨੇ ਕਿਹਾ:
(੧) ਕੇਸ ਨਹੀਂ ਕਟਵਾਉਣੇ
(੨) ਤੰਬਾਕੂ ਨਹੀਂ ਪੀਣਾ
(੩) ਟੋਪੀ ਨਹੀਂ ਪਹਿਨਣੀ
ਮਾਣਮੱਤਾ ਸਿੱਖ ਇਤਿਹਾਸ ਗਵਾਹ ਹੈ ਕਿ ਪੰਝੀ ਸਾਲ ਦੇ ਗੁਰਸਿੱਖ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਵੇਲੇ ਜਦੋਂ ਕੇਸ ਕਤਲ ਕਰਵਾਉਣ ਬਦਲੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ ਤਾਂ ਉਹਨਾਂ ਨੇ ਜਵਾਬ ਦਿੱਤਾ, "ਸਾਰੀ ਦੁਨੀਆ ਦਾ ਰਾਜ ਦੇ ਦਿਓ, ਭਾਵੇਂ ਸਾਰੇ ਆਲਮ ਦੀ ਖੂਬਸੂਰਤੀ ਮੇਰੇ ਕਦਮਾਂ ਵਿੱਚ ਰੱਖ ਦਿਓ, ਮੈਂ ਆਪਣੇ ਕੇਸਾਂ ਨੂੰ ਕਿਸੇ ਭੀ ਕੀਮਤ ਉੱਤੇ ਆਪਣੇ ਨਾਲੋਂ ਜੁਦਾ ਨਹੀਂ ਕਰ ਸਕਦਾ" ਮੇਜਰ ਜਗਤ ਸਿੰਘ ਨੇ ਆਪਣੀ ਪੁਸਤਕ 'ਕੇਸ ਮਹੱਤਾ' (ਪ੍ਰਕਾਸ਼ਕ: ਗੁਰੂ ਨਾਨਕ ਦੇਵ ਮਿਸ਼ਨ, ਪਟਿਆਲਾ) ਵਿੱਚ ਲਿਖਦੇ ਹਨ ਕਿ ਉਹ ਕੁਝ ਤਿੱਬਤੀਆਂ ਨੂੰ ਮਿਲੇ ਜੋ ਕੇਸਾਧਾਰੀ ਸਨ ਉਨ੍ਹਾਂ ਪਾਸੋਂ ਮੇਜਰ ਸਾਹਿਬ ਨੇ ਪੁੱਛਿਆ' "ਤੁਸੀਂ ਲਾਮੇ ਹੁੰਦੇ ਹੋ?" ਉਹਨਾਂ ਕਿਹਾ, "ਨਹੀਂ, ਅਸੀਂ ਰਿੰਮਪੋਚੇ ਗੁਰੂ ਦੇ ਸਿੱਖ ਹਾਂ" ਰਿੰਪੋਚੇ ਗੁਰੂ ਨੂੰ ਉਹ ਭਦ੍ਰਾ(ਕਲਿਆਣਕਾਰੀ) ਗੁਰੂ ਭੀ ਆਖਦੇ ਹਨ ਮੇਜਰ ਸਾਹਿਬ ਨੇ ਪੁੱਛਿਆ, "ਰਿੰਮਪੋਚੇ ਕੌਣ ਹੈ?" ਤਾਂ ਉਹਨਾਂ ਕਿਹਾ, "ਉਹੀ, ਜੋ ਤੁਹਾਡਾ ਗੁਰੂ ਹੈ" ਮੇਜਰ ਸਾਹਿਬ ਨੇ ਕਿਹਾ, "ਮੈਂ ਤਾਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ" ਉੱਤਰ ਮਿਲਿਆ, "ਉਹੀ ਸਾਡਾ ਰਿੰਮਪੋਚੇ ਗੁਰੂ ਹੈ ਅਸੀਂ ਸਤਿਕਾਰ ਵੱਜੋਂ ਉਹਨਾਂ ਦਾ ਨਾਮ ਨਹੀਂ ਲੈਂਦੇ ਤੇ ਰਿੰਮਪੋਚੇ ਕਹਿ ਕੇ ਯਾਦ ਕਰਦੇ ਹਾਂ" ਮੇਜਰ ਸਾਹਿਬ ਨੇ ਪੁੱਛਿਆ, "ਤੁਸੀਂ ਕੇਸ ਕਿਉਂ ਰੱਖੇ ਹੋਏ ਹਨ?" ਉਹਨਾਂ ਦੱਸਿਆ, "ਜਦ ਸੁਮੇਰ ਪਰਬਤ ਤੇ ਗੁਰੂ ਜੀ ਦੀ ਸਿੱਧਾਂ ਨਾਲ ਚਰਚਾ ਹੋਈ ਅਤੇ ਸਿੱਧ ਹਾਰ ਗਏ, ਤਾਂ ਸਾਡੇ ਵੱਡੇਰੇ, ਜੋ ਪਹਿਲੋਂ ਸਿੱਧਾਂ ਦੇ ਪੈਰੋਕਾਰ ਸਨ, ਉਹਨਾਂ ਨੂੰ ਛੱਡ ਕੇ ਗੁਰੂ ਜੀ ਦੇ ਸੇਵਕ ਜਾ ਬਣੇ ਉਦੋਂ ਤੋਂ ਹੀ ਅਸੀਂ ਪੁਸ਼ਤ ਦਰ ਪੁਸ਼ਤ ਕੇਸਾਧਾਰੀ ਚਲੇ ਆ ਰਹੇ ਹਾਂ ਸਾਨੂੰ ਇਹ ਰਿੰਮਪੋਚੇ ਗੁਰੂ ਦੀ ਦੇਣ ਹੈ" ਸੇ ਲੇਖਕ ਨੇ ਇਹ ਭੀ ਲਿਖਿਆ ਹੈ ਕਿ ਬਗ਼ਦਾਦ ਗਏ ਕੁਝ ਫੌਜੀਆਂ ਨੇ ਦੱਸਿਆ ਕਿ ਬਗ਼ਦਾਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦਾ ਮੁਸਲਮਾਨ ਰਾਖਾ ਭੀ ਕੇਸ-ਦਾੜ੍ਹੀ ਵਾਲਾ ਸੀ ਅਤੇ ਉਹ ਦੱਸਦਾ ਸੀ ਕਿ ਕੇਸ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਸ ਦੇ ਬਜੁਰਗਾਂ ਨੇ ਧਾਰਨ ਕੀਤੇ ਸਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਬਤ ਸੂਰਤ ਰਹਿ ਕੇ ਦਸਤਾਰ ਧਾਰਨ ਕਰਨ ਦੀ ਵਡਿਆਈ ਕੀਤੀ ਹੈ:
ਸਾਬਤ ਸੂਰਤਿ ਦਸਤਾਰ ਸਿਰਾ ੧੨
(ਗੁਰੂ ਗ੍ਰੰਥ ਸਾਹਿਬ, ਅੰਗ ੧੦੮੪)
ਹੁਣ ਕੁਝ ਗੈਰ-ਸਿੱਖਾਂ ਦੇ ਵਿਚਾਰਾਂ ਦੀ ਭੀ ਘੋਖ ਕਰ ਲਈਏ ਇੱਕ ਵਾਰ ਇੱਕ ਅਮਰੀਕਨ ਔਰਤ ਨੇ ਪ੍ਰਸਿੱਧ ਇਤਿਹਾਸਕਾਰ ਮਿ: ਆਲਫ਼ਰਡ ਟੋਇਨਬੀ ਤੋਂ ਪੁੱਛਿਆ ਕਿ ਤੁਸੀਂ ਸਾਰੇ ਸੰਸਾਰ ਦੇ ਲੋਕਾਂ ਬਾਰੇ ਲਿਖਿਆ ਹੈ, ਇੱਕ-ਇੱਕ ਫਿਰਕੇ ਅਤੇ ਇੱਕ-ਇੱਕ ਜਾਤ ਦੇ ਬੰਦੇ ਨੂੰ ਮਿਲੇ ਹੋ, ਉਨ੍ਹਾਂ ਦੀਆਂ ਰੀਤ-ਰਿਵਾਜਾਂ ਤੇ ਹੋਰ ਧਾਰਮਿਕ ਫ਼ਲਸਫੇ ਨੂੰ ਜਾਣਿਆ, ਸਮਝਿਆ ਤੇ ਲਿਖਿਆ ਹੈ ਸੋ ਇਸ ਤਜਰਬੇ ਦੇ ਆਧਾਰ ਤੇ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਦੁਨੀਆਂ ਵਿੱਚ ਸਭ ਤੋਂ ਸੁਹਣਾ ਮਨੁੱਖ ਕੌਣ ਹੈ? ਮਿ: ਟੋਇਨਬੀ ਨੇ ਜਵਾਬ ਦਿੱਤਾ, "ਖੁੱਲ੍ਹੀ ਦਾੜ੍ਹੀ ਵਾਲਾ ਪੂਰਨ ਗੁਰਸਿੱਖ" ਔਰਤ ਸੁਣ ਕੇ ਹੈਰਾਨ ਰਹਿ ਗਈ ਤੇ ਨਾਲ ਲਗਦਿਆਂ ਉਸ ਦੂਜਾ ਸਵਾਲ ਕਰਦਿਆਂ ਇਹ ਪੁੱਛਿਆ ਕਿ ਇਹ ਭੀ ਦੱਸ ਦਿਓ ਕਿ ਦੁਨੀਆਂ ਵਿੱਚ ਸਭ ਤੋਂ ਬਦਸੂਰਤ ਇਨਸਾਨ ਕਿਹੜਾ ਹੈ? ਮਿ: ਟੋਇਨਬੀ ਨੇ ਪਹਿਲੇ ਉੱਤਰ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰ ਕੇ ਕਰਦਿਆਂ ਕਿਹਾ, "ਉਹ ਸਿੱਖ ਜਿਸ ਨੇ ਕੇਸਾਂ ਦੀ ਬੇਅਦਬੀ ਕੀਤੀ ਹੋਵੇ" ਮਹਾਨ ਵਿਚਾਰਕ ਡੈਕਰ ਨੇ ਬਿਆਨ ਕੀਤਾ ਹੈ, "ਕੇਸਾਂ ਦੀ ਧਰਮ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹਾਨਤਾ ਹੈ ਇਹ ਉਹ ਪਹਿਰਨ ਹੈ, ਜਿਸ ਨਾਲ ਕੁਦਰਤ ਨੇ ਸਾਨੂੰ ਸਜਾਇਆ ਹੈ ਜੰਮਦਿਆਂ ਹੀ ਇਹ ਪੁਸ਼ਾਕ ਸਾਨੂੰ ਪਹਿਨਾਈ ਮਰਨ ਵੇਲੇ ਭੀ ਇਸ ਦਾ ਰੇਸ਼ਮੀ ਚੰਦੋਆ ਸਾਡੇ ਉੱਪਰ ਹੁੰਦਾ ਹੈ"
ਇਹ ਜ਼ਰੂਰੀ ਹੈ ਕਿ ਸਿੱਖ ਧਰਮ ਦੇ ਪੰਜੇ ਕਕਾਰਾਂ ਵਿੱਚੋਂ ਪ੍ਰਮੁੱਖ ਕੇਸਾਂ ਦਾ ਵਿਗਿਆਨਕ ਮਹੱਤਵ ਭੀ ਸਮਝ ਲਿਆ ਜਾਵੇ ਕੇਸ ਮਨੁੱਖੀ ਸਰੀਰ ਵਿੱਚ ਵਿਟਾਮਿਨ 'ਡੀ' (Vitamin-D)ਪੈਦਾ ਕਰਨ ਲਈ ਇੱਕ ਵੱਡੀ ਫੈਕਟਰੀ ਦਾ ਕੰਮ ਕਰਦੇ ਹਨ ਜਿਕਰਯੋਗ ਹੈ ਕਿ ਇਹ ਵਿਟਾਮਿਨ 'ਡੀ' ਸਰੀਰ ਦੀਆਂ ਹੱਡੀਆਂ, ਦੰਦਾਂ ਅਤੇ ਨਰਵਸ ਸਿਸਟਮ(Nervous System) ਲਈ ਬਹੁਤ ਹੀ ਜ਼ਰੂਰੀ ਤੱਤ ਹੈ ਅਤੇ ਇਹ ਤੱਤ ਅੱਜਕੱਲ੍ਹ ਦੀ ਖੁਰਾਕ ਵਿੱਚ ਭੀ ਦੁਰਲਭ ਹੈ ਕੇਸਾਂ ਉੱਤੇ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਇਸ ਤੱਥ ਨੂੰ ਭੀ ਸਵੀਕਾਰ ਕੀਤਾ ਹੈ ਕਿ ਕੇਸ ਅਜਿਹੇ ਮੈਟੀਰੀਅਲ ਦੇ ਬਣੇ ਹਨ ਜਿਸ ਵਿੱਚ ਸਰੀਰ ਨੂੰ ਗਰਮੀ ਅਤੇ ਸਰਦੀ ਦੋਹਾਂ ਤੋਂ ਬਚ ਕੇ ਰੱਖਣ ਦੀ ਸਿਫ਼ਤ ਮੌਜੂਦ ਹੈ
ਹੁਣ ਅਸੀਂ ਵਿਵਹਾਰਕ ਪੱਖ ਵੱਲ ਆਈਏ ਤਾਂ ਕੇਸਾਂ ਦੀ ਬੇਅਦਬੀ ਕਰਨ ਵਾਲੇ ਵੀਰਾਂ-ਭੈਣਾਂ ਦੀਆਂ ਦਲੀਲਾਂ ਵਿਚਾਰਨਯੋਗ ਹਨ ਕੁਝ ਵੀਰ-ਭੈਣ ਆਖਦੇ ਹਨ ਕਿ ਕੇਸ ਰੱਖਣ ਨਾਲ ਅਸੀਂ ਸਮਾਜ ਵਿੱਚ ਘੁਲ-ਮਿਲ ਨਹੀਂ ਸਕਦੇ ਸਮਾਜ ਵਿੱਚ ਵਧੇਰੇ ਲੋਕ ਕੇਸ ਨਹੀਂ ਰੱਖਦੇ ਅਤੇ ਇਸ ਕਰਕੇ ਅਸੀਂ ਉਹਨਾਂ ਤੋਂ ਵੱਖ ਰਹਿ ਜਾਂਦੇ ਹਾਂ ਮੇਰੇ ਇਸ ਬਾਰੇ ਇਹ ਵਿਚਾਰ ਹੈ ਕਿ ਕੇਸ ਰੱਖਣ ਜਾਂ ਨਾ ਰੱਖਣ ਨਾਲ ਸਮਾਜਿਕ ਮੇਲ-ਮਿਲਾਪ ਵਿੱਚ ਬਹੁਤਾ ਫ਼ਰਕ ਨਹੀਂ ਪੈਂਦਾ ਮੈਂ ਖੁਦ ਭੀ ਇੱਕ ਮੈਡੀਕਲ ਵਿਦਿਆਰਥੀ ਹਾਂ, ਮੇਰਾ ਵਾਹ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੇ ਲੋਕਾਂ ਨਾਲ ਪੈਂਦਾ ਰਹਿੰਦਾ ਹੈ ਪਰ ਮੈਨੂੰ ਕਦੇ ਅਜਿਹਾ ਨਹੀਂ ਜਾਪਿਆ ਕਿ ਮੈਂ ਆਪਣੇ ਮਿੱਤਰਾਂ ਜਾਂ ਸਮਾਜ ਵਿੱਚ ਅਲੱਗ-ਥਲੱਗ ਕਰ ਦਿੱਤਾ ਗਿਆ ਹਾਂ ਮੇਰੇ ਕਈ ਦੋਸਤ ਗੈਰ-ਸਿੱਖ ਹਨ, ਅਸੀਂ ਇਕੱਠੇ ਪੜ੍ਹਦੇ, ਗੱਲਬਾਤ ਕਰਦੇ ਅਤੇ ਮੇਲ-ਮਿਲਾਪ ਕਰਦੇ ਹਾਂ ਪਰ ਮੈਨੂੰ ਹੀਣ ਭਾਵਨਾ ਦਾ ਅਹਿਸਾਸ ਨਹੀਂ ਹੋਇਆ ਹਾਂ, ਜੇ ਮੇਰੇ ਕਿਸੇ ਵੀਰ-ਭੈਣ ਨੂੰ ਅਜਿਹੀ ਹੀਣ ਭਾਵਨਾ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਆਪਣੇ ਮਾਣਮੱਤੇ ਇਤਿਹਾਸ ਨੂੰ ਯਾਦ ਕਰਨ ਅਤੇ ਆਪਣ ਸਮਾਜ ਵਿੱਚ ਹੋਰਨਂ ਨੂੰ ਭੀ ਇਸ ਤੋਂ ਜਾਣੂ ਕਰਵਾਉਣ ਅਤੇ ਆਪਣੀ ਸ੍ਵੈ-ਭਾਵਨਾ (Self Respect) ਦਾ ਵਿਕਾਸ ਕਰਨ ਦੂਜੀ ਦਲੀਲ ਕਈ ਲੋਕ ਇਹ ਦਿੰਦੇ ਹਨ ਕਿ ਭਾਵੇਂ ਅਸੀਂ ਕੇਸ ਨਹੀਂ ਰੱਖੇ ਹੋਏ ਪਰ ਫਿਰ ਭੀ ਅਸੀਂ ਸਿੱਖ ਧਰਮ ਅਤੇ ਗੁਰੂ ਸਾਹਿਬ ਨੂੰ ਤਾਂ ਮੰਨਦੇ ਹਾਂ ਇਹ ਦਲੀਲ ਤਾਂ ਆਪਣੇ ਆਪ ਵਿੱਚ ਹੀ ਗ਼ਲਤ ਹੈ, ਸਿੱਖ ਗੁਰੂਆਂ ਨੂੰ ਮੰਨਣ ਦਾ ਮਤਲਬ ਹੋਇਆ ਉਹਨਾਂ ਦੇ ਹੁਕਮਾਂ ਅਤੇ ਵਚਨਾਂ ਨੂੰ ਮੰਨਣਾ ਅਤੇ ਉਹਨਾਂ ਨੂੰ ਆਪਣੇ ਮੁਕਤੀਦਾਤਾ ਵੱਜੋਂ ਸਵੀਕਾਰ ਕਰਨਾ ਜਿਵੇਂ ਉੱਪਰ ਬਹੁਤ ਥਾਵਾਂ ਉੱਤੇ ਦੱਸਿਆ ਗਿਆ ਹੈ ਕਿ ਸਿੱਖ ਗੁਰੂਆਂ ਨੇ ਹੀ ਨਹੀਂ ਬਲਕਿ ਹੋਰ ਧਰਮਾਂ ਦੇ ਪੈਗ਼ੰਬਰਾਂ ਨੇ ਭੀ ਕੇਸ ਰੱਖਣ ਦੀ ਹਿਦਾਇਤ ਕੀਤੀ ਹੈ ਗੁਰੂਆਂ ਦੇ ਵਚਨਾਂ ਨੂੰ ਨਾ ਮੰਨਣ ਦਾ ਮਤਲਬ ਹੈ ਗੁਰੂਆਂ ਨੂੰ ਨਾ ਮੰਨਣਾ, ਅਤੇ ਅਜਿਹਾ ਕਰਨ ਵਾਲਾ ਫਿਰ ਸਿੱਖ ਅਖਵਾਉਣ ਦੇ ਭੀ ਕਾਬਿਲ ਨਹੀਂ ਧੰਨ ਹਨ ਉਹ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਭੀ ਸਿੱਖੀ-ਸਰੂਪ ਨੂੰ ਸੰਭਾਲਿਆ ਹੋਇਆ ਹੈ, ਧੰਨ ਹਨ ਉਹ ਜੋ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਅਤੇ ਮੁਸ਼ਕਿਲਾਂ ਸਹਿੰਦੇ ਹੋਏ ਭੀ ਕੇਸਾਂ ਦਾ ਸਤਿਕਾਰ ਕਾਇਮ ਰੱਖਿਆ; ਅਜਿਹੇ ਲੋਕ ਅਸਲ ਵਿੱਚ ਸਿੱਖ ਕੌਮ ਦੀ ਸ਼ਾਨ ਹਨ ਅਤੇ ਸਿੱਖ ਕਹਾਉਣ ਦੇ ਅਸਲ ਹੱਕਦਾਰ ਹਨ ਜਿਹੜੇ ਲੋਕ ਸਭ ਕੁਝ ਸੋਚ-ਸਮਝ-ਜਾਣ ਕੇ ਭੀ ਕੁਝ ਨਹੀਂ ਸਮਝਣਾ ਚਾਹੁੰਦੇ ਉਹਨਾਂ ਲਈ ਭਾਈ ਰਣਧੀਰ ਸਿੰਘ ਜੀ ਨੇ ਆਪਣੀ ਪੁਸਤਕ 'ਗੁਰਮਤਿ ਬਿਬੇਕ' ਵਿੱਚ ਸਹੀ ਕਿਹਾ ਹੈ,
"ਜੇ ਕੋਈ ਸਿੱਖ ਕਿਸੇ ਗੁਰਮਤਿ ਅਸੂਲ ਉੱਤੇ ਨਹੀਂ ਚੱਲ ਸਕਦਾ, ਅਥਵਾ, ਚੱਲਣ ਦੀ ਸਮਰੱਥਾ ਨਹੀਂ ਰੱਖਦਾ ਤਾਂ ਓਹ ਇਸ ਨੂੰ ਆਪਣੀ ਕਮਜੋਰੀ ਮੰਨੇ, ਨਾ ਕਿ ਅਸੂਲ ਨਾਲ ਹੀ ਆਢਾ ਬੰਨ੍ਹ ਬੈਠੇ ਅਤੇ ਮਨ-ਮੰਨੇ ਹਮਲੇ ਗੁਰਮਤਿ ਅਸੂਲ ਉੱਤੇ ਕਰੀ ਜਾਵੇ....ਅਸਾਨੂੰ ਗੁਰ ਦਰਸਾਏ ਇੱਕ-ਇੱਕ ਅਸੂਲ ਉੱਤੇ ਚੱਲਣਾ ਪਏਗਾ"
ਜੇਕਰ ਕਿਸੇ ਵੀਰ ਭੈਣ ਨੂੰ ਹਾਲੇ ਭੀ ਕੋਈ ਸ਼ੰਕਾ ਹੈ ਤਾਂ ਬੇਸ਼ਕ ਮੇਰੇ ਨਾਲ Contact ਕਰਕੇ ਆਪਣਾ ਸ਼ੰਕਾ ਦੂਰ ਕਰੇ

No comments:

LOVE OF GOD

LOVE OF GOD
KNOW YOUR SAVIOUR