Monday, 3 January 2011

ਸਦਾਇ-ਇਸ਼ਕ

ਇਹ ਪੰਜਾਬੀ ਨਜ਼ਮ ਜਨਾਬ ਖ੍ਵਾਜਾ ਦਿਲ ਮੁਹੰਮਦ ਸਾਹਿਬ ਨੇ ਲਿਖੀ ਅਤੇ 'ਲਾਇਲ ਗਜ਼ਟ' ਲਾਹੌਰ ਵਿੱਚ ੧੩ ਨਵੰਬਰ ੧੯੧੩ ਨੂੰ ਛਪੀ।

ਜਿਸ ਨੇ ਨੂਰ ਮੁਨੱਵਰ ਕੀਤਾ ,
ਚੰਨ ਸੂਰਜ ਦੇ ਸੀਨੇ ਨੂੰ ।
ਓਸੇ ਆਪਣਾ ਰੂਪ ਦਿਖਾਇਆ ,
ਨਾਨਕ ਦੇ ਆਈਨੇ ਨੂੰ ।
ਜਿਸ ਨੇ ਕਪਲ ਵਸਤਾ ਅੰਦਰ ,
ਰਾਜ ਛੁਡਾਇਆ ਗੌਤਮ ਨੂੰ ।
ਨਾਨਕ ਦੇ ਮਨ ਸੱਟ ਚਿੰਗਾਰੀ ,
ਫੂਕ ਜਲਾਇਆ ਸੀਨੇ ਨੂੰ ।

ਮੱਥੇ ਟਿੱਕਾ ਵਹਦਤ ਵਾਲਾ ,
ਗਲ ਚੋਲਾ ਮਸਤਾਨ ਏ ,
ਦਿਲ ਤੇ ਅਲਫ਼ ਅਲਖ ਦਾ ਲਿਖਿਆ ,
ਖੋਦਣ ਜਿਵੇਂ ਨਗੀਨੇ ਨੂੰ ,
ਹਰ ਵਿੱਚ ਜਲਵਾ ਵੇਖਣ ਉਸਦਾ ,
ਅੱਖ ਜਿਨ੍ਹਾਂ ਦੀ ਰੌਸ਼ਨ ਏ ,
ਸੀਨੇ ਅੰਦਰ ਮੂਲ ਨਾ ਰੱਖਣ ,
ਵੈਰ ਹਰਮ ਦੇ ਕੀਨੇ ਨੂੰ ।
ਓਹੋ ਦੀਵਾ ਇਸ਼ਕੇ ਵਾਲਾ ,
ਰੌਸ਼ਨ ਉੱਪਰ ਤੂਰ ਹੋਇਆ ,
ਓਸੇ ਨੂਰ ਮੁਨੱਵਰ ਕੀਤਾ ,
ਮੱਕੇ ਨਾਲ ਮਦੀਨੇ ਨੂੰ ।
ਚਿਤ ਜਿਨ੍ਹਾਂ ਵੱਲ ਯਾਰ ਦੇ ਕੀਤਾ ,
ਮੂੰਹ ਉਨ੍ਹਾਂ ਦਾ ਮੋੜਨਾ ਕੀ ,
ਮਿਕਨਾਤੀਸ ਨਾ ਕੁਤਬੋਂ ਫਿਰਦਾ ,
ਫੇਰੋ ਲੱਖ ਨਗੀਨੇ ਨੂੰ ।
ਚੰਨ ਚਕੋਰ ਨਾ ਵੇਖੇ ਜੇਕਰ ,
ਨੈਣਾਂ ਤਾਈਂ ਚੈਨ ਨਾ ਆਏ ,
ਆਸ਼ਕ ਨੂੰ ਜਦ ਦੀਦ ਨਾ ਹੋਵੇ ,
ਸਾੜ ਘੱਤੇ ਇਸ ਜੀਨੇ ਨੂੰ ।
ਨਾਨਕ ਵਾਂਗੂੰ ਢੂੰਢੇ ਜਿਹੜਾ ,
ਇਸ਼ਕੇ ਦੀ ਗੰਜੀਨੇ ਨੂੰ ।
ਦਿਲ ਦੇ ਟੁਕੜੇ ਭੋਜਨ ਉਸਨੂੰ ,
ਖ਼ੂਨ ਜਿਗਰ ਦਾ ਪੀਨੇ ਨੂੰ ।
ਔਖੀ ਘਾਟੀ ਇਸ਼ਕੇ ਵਾਲੀ ,
ਸਬਰ ਬਿਨਾਂ ਕੁਝ ਚਾਰਾ ਨਾ ।
ਹਲ ਫ਼ਿਰਨ ਜੇ ਸੈ ਸੈ ਸਿਰ ਤੇ ,
ਜੁੰਬਿਸ਼ ਨਾ ਜ਼ਮੀਨੇ ਨੂੰ ।
ਰਾਜ਼ਿ-ਇਲਾਹੀ ਦਿਲ ਦਾ ਡੂੰਘਾ ,
ਲੱਭਣਾ ਐਪਰ ਔਖਾ ਏ ।
ਨਾਗ-ਤਮ੍ਹਾਂ ਦਾ ਦਿਲ ਵਿੱਚ ਬੈਠਾ ,
ਕੁੰਡਲ ਮਾਰ ਦਫ਼ੀਨੇ ਨੂੰ ।
ਤਾਲਿਬ ਬਣਨਾ ਮੁਸ਼ਕਿਲ ਡਾਢਾ ,
ਏਥੇ ਲੋੜ ਸਫ਼ਾਈ ਦੀ ।
ਪੁੱਟ ਸੁੱਟੀਂ ਐ ਯਾਰ ਦਿਲੇ ਥੀਂ ,
ਪਹਿਲੇ ਖੋਟ ਕਮੀਨੇ ਨੂੰ ।
ਐ ਦਿਲ ਸਾਨੂੰ ਇਸ਼ਕੇ ਵਾਲੀ ,
ਗੱਲ ਸੁਖਾਲੇ ਦਿਸੇ ਨਾ ,
ਘੁੰਮਣ-ਘੇਰੀਆਂ ਅੰਦਰ ਚਲਿਆ ,
ਕੱਢੀਂ ਓ ਯਰ ਸਫੀਨੇ ।

ਔਖੇ ਲਫ਼ਜ਼ਾਂ ਦੇ ਅਰਥ
ਨੂਰ ਮੁਨੱਵਰ ਕਰਨਾ - ਨੂਰੋ ਨੂਰ ਕਰਨਾ ; ਆਈਨਾ - ਦਿਲ ਦਾ ਸ਼ੀਸ਼ਾ ; ਵਹਦਤ - ਏਕਤਾ ; ਦੀਦ - ਦੀਦਾਰ ; ਗੰਜੀਨਾ - ਪ੍ਰੀਤ ਦਾ ਭੰਡਾਰ ; ਰਾਜ਼ਿ-ਇਲਾਹੀ - ਰੱਬੀ ਰਾਜ਼ ; ਨਾਗ-ਤਮ੍ਹਾਂ ਦਾ - ਲਾਲਚ ਰੂਪੀ ਸੱਪ

No comments:

LOVE OF GOD

LOVE OF GOD
KNOW YOUR SAVIOUR